ਨਵੇਂ ਸਾਲ ‘ਚ ਪੈਟਰੋਲ 15 ਰੁਪਏ ਤਕ ਸਸਤਾ ਹੋ ਸਕਦਾ ਹੈ। ਇਸ ਦਾ ਮੁੱਖ ਕਾਰਨ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਗਿਰਾਵਟ ਆਉਣਾ ਹੈ। ਬਾਜ਼ਾਰ ਜਾਣਕਾਰਾਂ ਮੁਤਾਬਕ, ਜਿਸ ਤਰ੍ਹਾਂ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਚੱਲ ਰਹੀ ਹੈ, ਉਸ ਨਾਲ 2019 ਦੀ ਪਹਿਲੀ ਤਿਮਾਹੀ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 5 ਰੁਪਏ ਤਕ ਦੀ ਕਮੀ ਹੋ ਸਕਦੀ ਹੈ।
ਉੱਥੇ ਹੀ ਇਸ ਵਿਚਕਾਰ ਜੇਕਰ ਸਰਕਾਰ ਪੈਟਰੋਲ ‘ਚ ਮੀਥੇਨੌਲ ਮਿਲਾ ਕੇ ਵੇਚਣ ਦੀ ਮਨਜ਼ੂਰੀ ਦੇ ਦਿੰਦੀ ਹੈ ਤਾਂ ਇਸ ਨਾਲ ਵੀ ਪੈਟਰੋਲ 10 ਰੁਪਏ ਤਕ ਸਸਤਾ ਹੋ ਸਕਦਾ ਹੈ। ਇਸ ਤਰ੍ਹਾਂ ਨਵੇਂ ਸਾਲ ‘ਚ ਪੈਟਰੋਲ 15 ਰੁਪਏ ਤਕ ਸਸਤਾ ਮਿਲ ਸਕਦਾ ਹੈ। ਹਾਲ ਹੀ ‘ਚ ਮੀਥੇਨੌਲ ਵਾਲੇ ਪੈਟਰੋਲ ਦਾ ਟ੍ਰਾਇਲ ਮੁੰਬਈ ਦੇ ਪੁਣੇ ਸ਼ਹਿਰ ‘ਚ ਸ਼ੁਰੂ ਹੋਇਆ ਹੈ। ਈਥੇਨੌਲ ਦੇ ਮੁਕਾਬਲੇ ਮੀਥੇਨੌਲ ਕਾਫੀ ਸਸਤਾ ਹੈ। ਇਸ ਲਈ ਸਰਕਾਰ ਦਾ ਫੋਕਸ ਮੀਥੇਨੌਲ ‘ਤੇ ਹੈ। ਜਾਣਕਾਰੀ ਮੁਤਾਬਕ, ਸਵੱਛ ਊਰਜਾ ਮਿਸ਼ਨ ਤਹਿਤ ਜਲਦ ਹੀ ਮੀਥੇਨੌਲ ਦੇ ਸੰਬੰਧ ‘ਚ ਇਕ ਵਿਸਥਾਰ ਨੀਤੀ ਪੇਸ਼ ਕੀਤੀ ਜਾ ਸਕਦੀ ਹੈ।
ਕੱਚਾ ਤੇਲ 36 ਡਾਲਰ ਤਕ ਡਿੱਗਾ-
ਕੌਮਾਂਤਰੀ ਬਾਜ਼ਾਰ ‘ਚ ਬ੍ਰੈਂਟ ਕੱਚਾ ਤੇਲ ਹੁਣ ਤਕ 50 ਡਾਲਰ ਪ੍ਰਤੀ ਬੈਰਲ ਤਕ ਆ ਚੁੱਕਾ ਹੈ, ਜੋ 3 ਅਕਤੂਬਰ 2018 ਨੂੰ ਇਸ ਸਾਲ ਦੇ ਸਭ ਤੋਂ ਸਿਖਰਲੇ ਪੱਧਰ 86.29 ਡਾਲਰ ‘ਤੇ ਪਹੁੰਚ ਗਿਆ ਸੀ। ਇਸ ਤਰ੍ਹਾਂ 3 ਅਕਤੂਬਰ ਤੋਂ 26 ਦਸੰਬਰ ਤਕ ਕੱਚਾ ਤੇਲ 36.29 ਡਾਲਰ ਪ੍ਰਤੀ ਬੈਰਲ ਸਸਤਾ ਹੋ ਚੁੱਕਾ ਹੈ। ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਉਸ ਸਮੇਂ ਦਰਜ ਕੀਤੀ ਜਾ ਰਹੀ ਹੈ |
ਜਦੋਂ ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸੰਗਠਨ ਓਪੇਕ ਅਤੇ ਰੂਸ ਦੀ ਅਗਵਾਈ ਵਾਲੇ ਤੇਲ ਉਤਪਾਦਕ ਦੇਸ਼ਾਂ ਨੇ ਜਨਵਰੀ ਤੋਂ ਹਰ ਰੋਜ਼ 12 ਲੱਖ ਬੈਰਲ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਸਾਲ 2019 ਦੇ ਪਹਿਲੇ ਛੇ ਮਹੀਨਿਆਂ ਤਕ ਇਹ ਕਟੌਤੀ ਜਾਰੀ ਰਹੇਗੀ ਪਰ ਜਿਸ ਤਰ੍ਹਾਂ ਓਵਰ ਸਪਲਾਈ ਨਾਲ ਕੀਮਤਾਂ ‘ਚ ਗਿਰਾਵਟ ਚੱਲ ਰਹੀ ਉਸ ਨੂੰ ਦੇਖਦੇ ਹੋਏ ਨਹੀਂ ਲੱਗਦਾ ਕਿ ਨਵੇਂ ਸਾਲ ਦੇ ਪਹਿਲੇ ਤਿੰਨ ਮਹੀਨਿਆਂ ‘ਚ ਕੱਚਾ ਤੇਲ ਮਹਿੰਗਾ ਹੋਵੇਗਾ, ਯਾਨੀ ਆਮ ਆਦਮੀ ਨੂੰ ਰਾਹਤ ਰਹਿਣ ਦੇ ਆਸਾਰ ਹਨ।